ਪੰਜਾਬ ਨੂੰ ਮੁੱਖ ਤੌਰ ‘ਤੇ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਮੰਨਿਆ ਜਾਂਦਾ ਹੈ। ਇਹਨਾਂ ਤਿਉਹਾਰਾਂ ਵਿੱਚੋਂ ਸਾਲ ਦਾ ਪਹਿਲਾ ਤਿਉਹਾਰ ਲੋਹੜੀ ਦਾ ਤਿਉਹਾਰ ਹੈ। ਲੋਹੜੀ ਦਾ ਤਿਉਹਾਰ ਭਾਰਤ ਦੇ ਕਈ ਉੱਤਰੀ ਖੇਤਰਾਂ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਇੱਕ ਸੱਭਿਆਚਾਰਕ ਮਹੱਤਵ ਰੱਖਦਾ ਹੈ। ਮੰਨਿਆ ਜਾਂਦਾ ਹੈ ਕਿ ਲੋਹੜੀ ਸਰਦੀਆਂ ਦੇ ਮੌਸਮ ਦਾ ਸਭ ਤੋਂ ਛੋਟਾ ਦਿਨ ਅਤੇ ਸਭ ਤੋਂ ਲੰਬੀ ਰਾਤ ਲਿਆਉਂਦਾ ਹੈ ਅਤੇ ਇਸ ਤੋਂ ਬਾਅਦ ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਲੋਹੜੀ ਦੇ ਤਿਓਹਾਰ ਦਾ ਅਰਥ, ਇਸਦੀ ਮਹੱਤਤਾ, ਲੋਹੜੀ ਮਨਾਉਣ ਦੀ ਕਹਾਣੀ ਅਤੇ ਇਸਨੂੰ ਕਿਵੇਂ ਮਨਾਇਆ ਜਾਂਦਾ ਹੈ?
ਲੋਹੜੀ ਦੇ ਤਿਉਹਾਰ ਦਾ ਅਰਥ:-
ਲੋਹੜੀ ਦਾ ਅਰਥ ‘ਤਿਲ ਅਤੇ ਰਿਉੜੀ’ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਤਿਲ ਅਤੇ ਰਿਉੜੀ ਦੇ ਤਿਉਹਾਰ ਕਾਰਨ ਇਸ ਦਾ ਨਾਂ ‘ਤਿਲੋੜੀ’ ਪਿਆ, ਜੋ ਬਾਅਦ ਵਿੱਚ ‘ਲੋਹੜੀ’ ਸ਼ਬਦ ਵਿੱਚ ਤਬਦੀਲ ਹੋ ਗਿਆ। ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ ਅਤੇ ਇਸਨੂੰ ਪੋਹ ਮਹੀਨੇ ਦੇ ਆਖਰੀ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ।
ਕਿਸਾਨਾਂ ਲਈ ਲੋਹੜੀ ਦੇ ਤਿਉਹਾਰ ਦੀ ਮਹੱਤਤਾ:-
ਇਸ ਤਿਉਹਾਰ ਦਾ ਪੰਜਾਬ ਤੋਂ ਇਲਾਵਾ ਕਈ ਉੱਤਰੀ ਖੇਤਰਾਂ ਵਿੱਚ ਬਹੁਤ ਮਹੱਤਵ ਹੈ। ਕਣਕ ਪੰਜਾਬ ‘ਚ ਸਰਦੀਆਂ ਦੀ ਇੱਕ ਪ੍ਰਮੁੱਖ ਫਸਲ ਹੈ ਜਿਸਨੂੰ ਅਕਤੂਬਰ ਮਹੀਨੇ ਵਿੱਚ ਬੀਜਿਆ ਜਾਂਦਾ ਹੈ ਅਤੇ ਮਾਰਚ ਜਾਂ ਅਪ੍ਰੈਲ ਵਿੱਚ ਇਸਦੀ ਕਟਾਈ ਕੀਤੀ ਜਾਂਦੀ ਹੈ। ਜਨਵਰੀ ਦੇ ਮਹੀਨੇ ਤੱਕ ਸਾਰੇ ਖੇਤਾਂ ਵਿੱਚ ਫ਼ਸਲਾਂ ਉੱਗ ਜਾਂਦੀਆਂ ਹਨ ਅਤੇ ਸਾਰੇ ਖੇਤ ਸੋਨੇ ਵਰਗੇ ਹੋ ਜਾਂਦੇ ਹਨ। ਇਹ ਹਾੜ੍ਹੀ ਦੀਆਂ ਫ਼ਸਲਾਂ ਦੇ ਫੁੱਲ ਖਿੜਨ ਦਾ ਤਿਉਹਾਰ ਹੈ। ਇਸ ਲਈ ਕਿਸਾਨ ਆਪਣੀ ਫ਼ਸਲ ਦੀ ਕਟਾਈ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਅਤੇ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਖੁਸ਼ਹਾਲ ਭਵਿੱਖ ਲਈ ਅਸੀਸਾਂ ਮੰਗਦੇ ਹਨ।
ਲੋਹੜੀ ਦੇ ਤਿਉਹਾਰ ਦਾ ਮਹੱਤਵ:-
ਲੋਹੜੀ ਦਾ ਤਿਉਹਾਰ ਨਵ-ਵਿਆਹੇ ਜੋੜੇ ਅਤੇ ਨਵਜੰਮੇ ਬੱਚਿਆਂ ਲਈ ਮਨਾਇਆ ਜਾਂਦਾ ਹੈ। ਜਿਨ੍ਹਾਂ ਘਰਾਂ ਵਿੱਚ ਨਵਾਂ ਵਿਆਹ ਜਾਂ ਕਿਸੇ ਬੱਚੇ ਦਾ ਜਨਮ ਹੋਇਆ ਹੁੰਦਾ ਹੈ ਉਸ ਘਰ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਲੋਹੜੀ ਦੇ ਤਿਉਹਾਰ ਦਾ ਇਤਿਹਾਸ:-
ਲੋਹੜੀ ਦੇ ਪਿੱਛੇ ਕਈ ਲੋਕ-ਕਥਾਵਾਂ ਜੁੜੀਆਂ ਹੋਈਆਂ ਹਨ ਅਤੇ ਇਸ ਨਾਲ ਇੱਕ ਪ੍ਰਸਿੱਧ ਕਹਾਣੀ ਦੁੱਲਾ ਭੱਟੀ ਜੁੜੀ ਹੋਈ ਹੈ । ਦੁੱਲਾ ਭੱਟੀ ਇੱਕ ਸੂਰਬੀਰ ਸੀ ਜੋ ਅਕਬਰ ਦੇ ਰਾਜ ਵਿੱਚ ਰਹਿੰਦਾ ਸੀ। ਉਹ ਅਕਬਰ ਦੇ ਰਾਜ ਦੌਰਾਨ ਇੱਕ ਬਾਗੀ ਸੀ ਜੋ ਅਮੀਰਾਂ ਦੀ ਦੌਲਤ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗ਼ਰੀਬ ਲੋਕ ਦੁੱਲਾ ਭੱਟੀ ਦੀ ਦਰਿਆਦਿਲੀ ਦੇ ਕਾਇਲ ਸਨ ਅਤੇ ਉਸ ਦਾ ਸਤਿਕਾਰ ਕਰਦੇ ਸਨ। ਦੁੱਲਾ ਭੱਟੀ ਨੇ ਇੱਕ ਵਾਰ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰ ਅਤੇ ਮੁੰਦਰੀ ਨੂੰ ਅਗਵਾ ਹੋਣ ਤੋਂ ਬਚਾਇਆ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਦਾ ਵਿਆਹ ਕਰਵਾਇਆ ਸੀ।
ਇਸ ਤੋਂ ਬਾਅਦ ਹੀ ਲੋਹੜੀ ਦਾ ਤਿਉਹਾਰ ਮਨਾਉਣ ਦਾ ਰਿਵਾਜ ਸ਼ੁਰੂ ਹੋਇਆ ਸੀ ਅਤੇ ਦੁੱਲਾ ਭੱਟੀ ਨੂੰ ਹਰ ਲੋਹੜੀ ‘ਤੇ ਯਾਦ ਕੀਤਾ ਜਾਂਦਾ ਹੈ। ਲੋਹੜੀ ਵਾਲੇ ਦਿਨ ਸਾਰੇ ਬੱਚੇ ਇਕੱਠੇ ਹੁੰਦੇ ਹਨ ਅਤੇ ਆਲੇ-ਦੁਆਲੇ ਦੇ ਲੋਕਾਂ ਦੇ ਘਰਾਂ ਵਿੱਚ ਜਾਂਦੇ ਹਨ ਤੇ ਲੋਹੜੀ ਮੰਗਦੇ ਹਨ ਅਤੇ ਗੀਤ ਗਾਉਂਦੇ ਹਨ।
ਲੋਹੜੀ ਤਿਉਹਾਰ ਦੀਆਂ ਰਸਮਾਂ:-
ਲੋਹੜੀ ਦਾ ਤਿਉਹਾਰ ਮਨਾਉਂਦਿਆਂ ਹੋਇਆਂ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਜਿਵੇਂ:- ਧੂਣੀ ਬਣਾਉਣਾ, ਘਰ ਦੇ ਮੈਂਬਰ ਲੱਕੜਾਂ ਤੇ ਪਾਥੀਆਂ ਨੂੰ ਇਕੱਠਾ ਕਰਕੇ ਆਪਣੇ ਘਰ ਦੇ ਬਾਹਰ ਜਾਂ ਖੁੱਲ੍ਹੇ ਵਿਹੜੇ ‘ਚ ਧੂਣੀ ਬਣਾਉਂਦੇ ਹਨ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਕਈ ਦਿਨ ਪਹਿਲਾਂ ਸੱਦਾ ਦਿੰਦੇ ਹਨ। ਸਾਰੇ ਲੋਕ ਇਕੱਠੇ ਹੋਣ ਤੋਂ ਬਾਅਦ ਧੂਣੀ ਬਾਲਦੇ ਹਨ। ਸਾਰੇ ਲੋਕ ਧੂਣੀ ਵਿੱਚ ਤਿਲ ਪਾਉਂਦੇ ਹਨ, ਮੱਥਾ ਟੇਕਦੇ ਹਨ ਅਤੇ ਇਹ ਸਤਰਾਂ ਬੋਲਦੇ ਹਨ: “ਈਸ਼ਰ ਆਏ ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ।”
ਸਾਰੇ ਲੋਕ ਧੂਣੀ ਦੇ ਦੁਆਲੇ ਬੈਠ ਕੇ ਗੱਲਾਂ ਕਰਦੇ ਹੋਏ ਰਿਉੜੀਆਂ, ਗੱਚਕ, ਮੂੰਗਫਲੀ ਆਦਿ ਖਾਂਦੇ ਹਨ ਅਤੇ ਰਵਾਇਤੀ ਗੀਤ ਗਾ ਕੇ ਅਤੇ ਢੋਲ ਅਤੇ ਗੀਤਾਂ ਦੀ ਧੁਨ ‘ਤੇ ਧੂਣੀ ਦੁਆਲੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਇਸ ਦਿਨ ਮੁੱਖ ਤੌਰ ਤੇ ਹਰ ਘਰ ਵਿੱਚ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਖੀਰ ਆਦਿ ਬਣਾਇਆ ਜਾਂਦਾ ਹੈ।