ਜਾਣਕਾਰੀ ਅਨੁਸਾਰ ਲੰਡਨ ਵਿੱਚ 5 ਜੂਨ ਨੂੰ ਹੋਈ ਇੱਕ ਨਿਲਾਮੀ ਦੌਰਾਨ ਭਾਰਤੀ ਚਿੱਤਰਕਾਰ ਕ੍ਰਿਸ਼ਨ ਕੰਵਲ ਵੱਲੋਂ ਬਣਾਇਆ ਗਿਆ 14ਵੇਂ ਦਲਾਈ ਲਾਮਾ ਦਾ ਇੱਕ ਦੁਰਲੱਭ ਚਿੱਤਰ 1.52 ਕਰੋੜ ਰੁਪਏ ਵਿੱਚ ਵਿਕਿਆ ਹੈ। ਦੱਸ ਦਈਏ ਕਿ ਇਹ ਚਿੱਤਰ 22 ਫਰਵਰੀ 1940 ਦੀ ਲਹਾਸਾ ਦੀ ਇਤਿਹਾਸਕ ਘਟਨਾ ਨੂੰ ਦਰਸਾਉਂਦਾ ਹੈ, ਜਦੋਂ ਚਾਰ ਸਾਲਾ ਤੇਨਜਿਨ ਗਯਾਤਸੋ ਨੂੰ ਤਿੱਬਤ ਦੇ ਸਰਵਉੱਚ ਧਾਰਮਿਕ ਨੇਤਾ ਵਜੋਂ ਰਾਜਗੱਦੀ ‘ਤੇ ਬਿਠਾਇਆ ਗਿਆ ਸੀ।
ਇਹ ਚਿੱਤਰ 40 ਮੂਲ ਜਲ ਰੰਗਾਂ ਦੀ ਇੱਕ ਵਿਲੱਖਣ ਲੜੀ ਦਾ ਹਿੱਸਾ ਸੀ, ਜਿਸ ਵਿੱਚ ਤਿੱਬਤੀ ਦਰਬਾਰ, ਰਵਾਇਤਾਂ, ਅਤੇ ਸੱਭਿਆਚਾਰਕ ਪਲਾਂ ਨੂੰ ਚਿੱਤਰਿਤ ਕੀਤਾ ਗਿਆ ਸੀ। ਪੂਰੀ ਲੜੀ ਦੀਆਂ ਪੇਂਟਿੰਗਾਂ 4.57 ਕਰੋੜ ਰੁਪਏ ਵਿੱਚ ਵਿੱਕਿਆਂ ਹਨ।
ਨਿਲਾਮੀ ਵਿੱਚ ਬ੍ਰਿਟਿਸ਼ ਅਧਿਕਾਰੀ ਸਰ ਬੇਸਿਲ ਗੋਲਡ ਦੇ ਨਿੱਜੀ ਸੰਗ੍ਰਹਿ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਦੇ 1936-37 ਦੇ ਤਿੱਬਤ ਮਿਸ਼ਨ ਦੌਰਾਨ ਕੱਢੇ ਗਏ 1,500 ਤੋਂ ਵੱਧ ਦੁਰਲੱਭ ਫੋਟੋਆਂ ਵਾਲਾ ਸੰਗ੍ਰਹਿ 57 ਲੱਖ ਰੁਪਏ ਵਿੱਚ ਵਿਕਿਆ ਹੈ। ਇਹ ਤਸਵੀਰਾਂ ਸੱਤ ਵੱਖ-ਵੱਖ ਐਲਬਮਾਂ ਵਿੱਚ ਸੁਰੱਖਿਅਤ ਸਨ। ਇਸ ਤੋਂ ਇਲਾਵਾ, ਤਿੱਬਤੀ ਹੱਥ-ਲਿਖਤਾਂ, ਦੁਰਲੱਭ ਕਿਤਾਬਾਂ ਅਤੇ ਸਰ ਬੇਸਿਲ ਦੀ 1941 ਦੀ ਦਲਾਈ ਲਾਮਾ ਦੀ ਮਾਨਤਾ ਅਤੇ ਰਾਜਗੱਦੀ ‘ਤੇ ਅਧਾਰਤ ਅੰਗਰੇਜ਼ੀ ਅਤੇ ਤਿੱਬਤੀ ਰਿਪੋਰਟ ਵੀ ਨਿਲਾਮੀ ਦਾ ਹਿੱਸਾ ਰਹੀ,14 ਲੱਖ ਰੁਪਏ ਵਿੱਚ ਵਿਕੀ ਹੈ।

