ਜਾਣਕਾਰੀ ਅਨੁਸਾਰ ਫਰੀਦਕੋਟ ਰੋਡ ‘ਤੇ ਸਥਿਤ ਚੰਦਨ ਪੈਲੇਸ ਦੇ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਤਿੰਨ ਕਾਰਾਂ ਆਪਸ ‘ਚ ਟਕਰਾਅ ਗਈਆਂ। ਦੱਸ ਦਈਏ ਕਿ ਇੱਕ ਕਰੇਟਾ ਕਾਰ ਜੋ ਗੁਰੂਹਰਸਹਾਏ ਤੋਂ ਫਰੀਦਕੋਟ ਵੱਲ ਨੂੰ ਜਾ ਰਹੀ ਸੀ, ਦੇ ਕਾਰ ਚਾਲਕ ਨੇ ਚੰਦਨ ਪੈਲੇਸ ਕੋਲ ਆ ਕੇ ਕਾਰ ਨੂੰ ਅਚਾਨਕ ਦੂਜੀ ਸਾਈਡ ਵੱਲ ਮੋੜ ਦਿੱਤਾ ਜਿਸ ਕਾਰਨ ਸਵਿਫਟ ਕਾਰ, ਜੋ ਕਰੇਟਾ ਦੇ ਪਿੱਛੇ ਆ ਰਹੀ ਸੀ, ਦੀ ਟੱਕਰ ਕਰੇਟਾ ਨਾਲ ਹੋ ਗਈ ਅਤੇ ਇਸ ਦੌਰਾਨ ਫਰੀਦਕੋਟ ਸਾਈਡ ਤੋਂ ਗੁਰੂਹਰਸਹਾਏ ਵੱਲ ਆ ਰਹੀ ਕਾਰ ਵੀ ਇਨ੍ਹਾਂ ਕਾਰਾਂ ਵਿੱਚ ਆ ਟਕਰਾਈ। ਇਸ ਤਰ੍ਹਾਂ ਤਿੰਨੇ ਕਾਰਾਂ ਆਪਸ ‘ਚ ਟਕਰਾਅ ਗਈਆਂ ਤੇ ਚਕਨਾਚੂਰ ਹੋ ਗਈਆਂ। ਦੱਸ ਦਈਏ ਕਿ ਇਸ ਦੌਰਾਨ ਕਾਰ ਸਵਾਰ ਲੋਕ ਜਖ਼ਮੀ ਦੱਸੇ ਜਾ ਰਹੇ ਹਨ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਮੌਕੇ ‘ਤੇ ਪੁੱਜੀ ਪੁਲਿਸ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਹੈ।

