ਸਰਦੀਆਂ ਦੇ ਮੌਸਮ ‘ਚ ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਸਵੈਟਰ, ਸ਼ਾਲ ਅਤੇ ਹੀਟਰ ਦੀ ਵਰਤੋਂ ਕਰਦੇ ਹਾਂ ਪਰ ਇਹ ਸਭ ਸਾਡੇ ਸਰੀਰ ਨੂੰ ਬਾਹਰੋਂ ਹੀ ਗਰਮ ਰੱਖਦੇ ਹਨ, ਜੋ ਸਿਹਤਮੰਦ ਰਹਿਣ ਲਈ ਕਾਫ਼ੀ ਨਹੀਂ ਹੈ। ਜੇਕਰ ਤੁਸੀਂ ਆਪਣੇ ਸਰੀਰ ਨੂੰ ਅੰਦਰੋਂ ਗਰਮ ਰੱਖਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਆਪਣੀ ਡਾਈਟ (ਵਿੰਟਰ ਡਾਈਟ) ਵਿੱਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਹੋਵੇਗਾ, ਜੋ ਤੁਹਾਨੂੰ ਨਾ ਸਿਰਫ਼ ਊਰਜਾ ਪ੍ਰਦਾਨ ਕਰਨਗੀਆਂ ਸਗੋਂ ਬੀਮਾਰੀਆਂ ਤੋਂ ਵੀ ਦੂਰ ਰੱਖਣਗੀਆਂ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਜ਼ੁਕਾਮ, ਖਾਂਸੀ, ਥਕਾਵਟ ਅਤੇ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਨ੍ਹਾਂ ਦਾ ਸੇਵਨ ਕਰਕੇ ਤੁਸੀਂ ਫ਼ਲੂ ਦੀ ਇਨਫੈਕਸ਼ਨ ਤੋਂ ਵੀ ਬਚ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…
ਗੁੜ
ਗੁੜ ਦੀ ਤਸੀਰ ਗਰਮ ਹੋਣ ਕਾਰਨ ਸਰਦੀਆਂ ਦੇ ਮੌਸਮ ਵਿੱਚ ਤੁਸੀਂ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਗੁੜ ‘ਚ ਕਾਫੀ ਕੈਲੋਰੀ ਪਾਈ ਜਾਂਦੀ ਹੈ। ਤੁਸੀਂ ਇਸ ਦੀ ਵਰਤੋਂ ਮਿੱਠੇ ਪਕਵਾਨ ਬਣਾਉਣ ਲਈ ਕਰ ਸਕਦੇ ਹੋ ਜਾਂ ਇਸ ਨੂੰ ਵੈਸੇ ਹੀ ਖਾ ਸਕਦੇ ਹੋ। ਗੁੜ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ।
ਦਾਲਚੀਨੀ
ਸਰਦੀਆਂ ਵਿੱਚ ਦਾਲਚੀਨੀ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਦਾ ਮੇਟਾਬੋਲਿਜ਼ਮ ਵਧਦਾ ਹੈ, ਜਿਸ ਨਾਲ ਸਰੀਰ ‘ਚ ਗਰਮੀ ਪੈਦਾ ਹੁੰਦੀ ਹੈ। ਜੇਕਰ ਤੁਹਾਨੂੰ ਖੰਘ ਦੀ ਸਮੱਸਿਆ ਹੈ ਤਾਂ ਤੁਸੀਂ ਦਾਲਚੀਨੀ ਦਾ ਪਾਣੀ ਪੀ ਸਕਦੇ ਹੋ।
ਸ਼ਹਿਦ
ਸਵਾਦ ‘ਚ ਮਿੱਠੇ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਸ਼ਹਿਦ ਦਾ ਸੇਵਨ ਸਰਦੀਆਂ ਦੇ ਦਿਨਾਂ ‘ਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼ ਸਾਡੇ ਸਰੀਰ ਨੂੰ ਊਰਜਾ ਦਿੰਦਾ ਹੈ, ਸਗੋਂ ਸਾਡੀ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦਾ ਅਤੇ ਮਜ਼ਬੂਤ ਕਰਦਾ ਹੈ। ਇਸ ਦੇ ਸੇਵਨ ਨਾਲ ਗਲੇ ਦੀ ਖਰਾਸ਼ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਰ੍ਹੋਂ
ਸਰ੍ਹੋਂ ਵਿੱਚ ਐਲਿਲ ਆਈਸੋਥਿਓਸਾਈਨੇਟ ਨਾਮਕ ਇੱਕ ਮਿਸ਼ਰਣ ਹੁੰਦਾ ਹੈ, ਜੋ ਮਨੁੱਖੀ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਦੀ ਪ੍ਰਕਿਰਿਆ ਨੂੰ ਵਧਾ ਸਕਦਾ ਹੈ। ਆਪਣੇ ਸਰੀਰ ਨੂੰ ਗਰਮ ਰੱਖਣ ਲਈ ਤੁਸੀਂ ਸਰ੍ਹੋਂ ਅਤੇ ਸਰ੍ਹੋਂ ਦੇ ਤੇਲ ਦਾ ਸੇਵਨ ਕਰ ਸਕਦੇ ਹੋ।
ਘਿਓ
ਦੇਸੀ ਘਿਓ ਵਿੱਚ ਫੈਟੀ ਐਸਿਡ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜਿਸ ਨਾਲ ਸਾਡੇ ਸਰੀਰ ਦਾ ਤਾਪਮਾਨ ਅਤੇ ਗਰਮੀ ਸੰਤੁਲਿਤ ਰਹਿੰਦੀ ਹੈ। ਸਰਦੀਆਂ ਦੇ ਮੌਸਮ ਵਿਚ ਘਿਓ ਦਾ ਨਿਯਮਤ ਸੇਵਨ ਕਰਨਾ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। EB24NETWORK ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)