ਰੂਸ-ਯੂਕ੍ਰੇਨ ਯੁੱਧ ਨੂੁੰ ਸ਼ੁਰੂ ਹੋਏ 1000 ਦਿਨ ਪੂਰੇ ਹੋ ਚੁੱਕੇ ਹਨ ਪਰ ਹਾਲੇ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਰੂਸ ਵਿਰੁੱਧ ਯੂਕ੍ਰੇਨ ਦੁਆਰਾ ਪੱਛਮੀ ਗੈਰ-ਪ੍ਰਮਾਣੂ ਮਿਜ਼ਾਈਲਾਂ ਦੀ ਵਰਤੋਂ ਪ੍ਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਨੂੰ ਰੂਸ ਅੰਦਰ ਹਮਲੇ ਕਰਨ ਲਈ ਅਮਰੀਕੀ-ਬਣੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਹੁਣ ਯੂਕ੍ਰੇਨ ਦੇ ਸੈਨਿਕ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਜਾਂ ATACMS (ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ) ਦੀ ਵਰਤੋਂ ਕਰ ਸਕਣਗੇ। ਸੂਤਰਾਂ ਮੁਤਾਬਕ ਯੂਕ੍ਰੇਨ ਆਉਣ ਵਾਲੇ ਦਿਨਾਂ ‘ਚ ਰੂਸ ‘ਤੇ ਲੰਬੀ ਦੂਰੀ ਦੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਸ ਫ਼ੈਸਲੇ ਤੋਂ ਬਾਅਦ ਰੂਸ ਵਿਚ ਗੁੱਸਾ ਹੈ। ਰੂਸ ਨੇ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਮੰਗਲਵਾਰ ਨੂੰ ਇੱਕ ਅਪਡੇਟ ਕੀਤੇ ਰੂਸੀ ਪ੍ਰਮਾਣੂ ਸਿਧਾਂਤ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਨਵੇਂ ਸਿਧਾਂਤ ਤਹਿਤ ਰੂਸੀ ਸੰਘ ਵਿਰੁੱਧ ਯੂਕ੍ਰੇਨੀ ਹਥਿਆਰਬੰਦ ਬਲਾਂ ਦੁਆਰਾ ਪੱਛਮੀ ਗੈਰ-ਪ੍ਰਮਾਣੂ ਮਿਜ਼ਾਈਲਾਂ ਦੀ ਵਰਤੋਂ ਪ੍ਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ। ਆਪਣੀ ਨਿਯਮਤ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ ਬੋਲਦੇ ਹੋਏ ਟਾਸ ਰਿਪੋਰਟਸ ਪੇਸਕੋਵ ਨੇ ਕਿਹਾ ਕਿ ਨਵੇਂ ਪ੍ਰਮਾਣੂ ਸਿਧਾਂਤ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਡੂੰਘੇ ਵਿਸ਼ਲੇਸ਼ਣ ਦਾ ਵਿਸ਼ਾ ਬਣਨਾ ਚਾਹੀਦਾ ਹੈ।