ਪਾਕਿਸਤਾਨ ਲਈ ਜਸੂਸੀ ਕਰਨ ਦੇ ਗੰਭੀਰ ਦੋਸ਼ਾਂ ਹੇਠ ਪੰਜਾਬ ਪੁਲਿਸ ਨੇ ਰੂਪਨਗਰ ਦੇ ਪਿੰਡ ਮਹਾਲ ਦੇ ਵਸਨੀਕ ਅਤੇ ਪ੍ਰਸਿੱਧ ਯੂਟਿਊਬਰ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਸਬੀਰ ਸਿੰਘ ਦਾ ਯੂਟਿਊਬ ਚੈਨਲ ‘ਜਾਨ ਮਾਹਲ’ 10 ਲੱਖ ਤੋਂ ਵੱਧ ਸਬਸਕ੍ਰਾਈਬਰਾਂ ਨਾਲ ਕਾਫੀ ਪ੍ਰਸਿੱਧ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਬੀਰ ਸਿੱਧਾ ਪਾਕਿਸਤਾਨੀ ਏਜੰਟ ਹਸਨ ਅਲੀ ਉਰਫ ਜੱਟ ਰੰਧਾਵਾ ਦੇ ਸੰਪਰਕ ‘ਚ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਹ ਗ੍ਰਿਫਤਾਰ ਯੂਟਿਊਬਰ ਜੋਤੀ ਮਲਹੋਤਰਾ ਅਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢੇ ਗਏ ਅਧਿਕਾਰੀ ਅਹਿਸਾਨ-ਉਰ-ਰਹੀਮ (ਉਰਫ ਦਾਨਿਸ਼) ਨਾਲ ਵੀ ਸਬੰਧ ‘ਚ ਸੀ।
ਡੀਜੀਪੀ ਨੇ ਦੱਸਿਆ ਕਿ ਜਸਬੀਰ ਨੇ ਦਿੱਲੀ ‘ਚ ਹੋਏ ਪਾਕਿਸਤਾਨ ਦੇ ਰਾਸ਼ਟਰੀ ਦਿਵਸ ਸਮਾਗਮ ‘ਚ ਭਾਗ ਲਿਆ ਸੀ, ਜਿਥੇ ਉਹ ਪਾਕਿਸਤਾਨੀ ਸੈਨਾ ਦੇ ਅਧਿਕਾਰੀਆਂ ਅਤੇ ਬਲੌਗਰਾਂ ਨਾਲ ਮਿਲਿਆ। ਉਸ ਨੇ ਤਿੰਨ ਵਾਰੀ ਪਾਕਿਸਤਾਨ ਦੀ ਯਾਤਰਾ ਵੀ ਕੀਤੀ। ਜਾਂਚ ਦੌਰਾਨ ਉਸ ਦੇ ਡਿਵਾਇਸਾਂ ‘ਚ ਕਈ ਪਾਕਿਸਤਾਨ ਆਧਾਰਿਤ ਨੰਬਰ ਮਿਲੇ ਹਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ। ਪੁਲਿਸ ਅਨੁਸਾਰ, ਮਾਮਲੇ ਦੀ ਜਾਂਚ ਜਾ ਰਹੀ ਹੈ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

