ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰਾਉਣ ਲਈ ਲੜਾਂਗੇ ਲੜਾਈ
ਫਗਵਾੜਾ ਦੇ ਗੁਰਦੁਆਰਾ ਸ਼੍ਰੀ ਸੁਖਚੈਨਆਣਾ ਸਾਹਿਬ ਵਿਖੇ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਮੋਰਚਿਆਂ ਨੂੰ ਖ਼ਤਮ ਕਰਨ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਯੂਨੀਅਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਬੈਠਕ ਰਖਵਾਈ ਗਈ ਸੀ। ਜਿਸ ਦੌਰਾਨ ਬੀਤੇ ਦਿਨਾਂ ‘ਚ ਕਿਸਾਨ ਆਗੂਆਂ ਦੀ ਸਰਕਾਰ ਨਾਲ ਹੋਈ ਮੀਟਿੰਗ ਦੇ ਤੁਰੰਤ ਖ਼ਤਮ ਹੋਣ ਤੋਂ ਬਾਅਦ ਗ੍ਰਿਫਤਾਰ ਕੀਤੇ ਕਿਸਾਨਾਂ ਦਾ ਰੋਸ ਪ੍ਰਗਟਾਇਆ ਗਿਆ ਹੈ। ਇਸਦੇ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਆਗੂਆਂ ਦੀ ਤੁਰੰਤ ਰਿਹਾਈ ਕਰਾਉਣ ਲਈ ਸਾਡੇ ਵੱਲੋਂ 24 ਮਾਰਚ ਦਿਨ ਸੋਮਵਾਰ ਨੂੰ ਐਸ.ਡੀ.ਐਮ. ਫਿਲੋਰ ਵਿਖੇ ਰੋਸ ਵਜੋਂ ਧਰਨਾ ਲਗਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਜਾਵੇਗਾ। ਇਸ ਤੋਂ ਬਾਅਦ 29 ਮਾਰਚ ਦਿਨ ਸ਼ਨੀਵਾਰ ਨੂੰ ਡੀ.ਸੀ. ਦਫਤਰ ਹੁਸ਼ਿਆਰਪੁਰ ਦੀ ਘੇਰਾਬੰਦੀ ਕੀਤੀ ਜਾਵੇਗੀ ਅਤੇ ਪੁਤਲਾ ਫੂਕਿਆ ਜਾਵੇਗਾ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਇਸ ਧੱਕੇਸ਼ਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡੇ ਵੱਲੋਂ ਇਸ ਸ਼ਰਮਨਾਕ ਕਾਰਵਾਈ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।

