ਜਾਣਕਾਰੀ ਅਨੁਸਾਰ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਹੁਣ 25 ਜੂਨ ਯਾਨੀ ਕੱਲ੍ਹ ਨੂੰ ਐਕਸੀਓਮ-4 ਮਿਸ਼ਨ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋਣਗੇ। ਨਾਸਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਮਿਸ਼ਨ ਪਹਿਲਾਂ ਛੇ ਵਾਰ ਤਕਨੀਕੀ ਖਾਮੀਆਂ ਕਾਰਨ ਰੋਕਿਆ ਗਿਆ ਸੀ। ਹੁਣ ਇਹ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਭਾਰਤੀ ਸਮੇਂ ਅਨੁਸਾਰ 25 ਜੂਨ ਸਵੇਰੇ 12:01 ਵਜੇ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ ਲਈ ਸਪੇਸਐਕਸ ਦਾ ਫਾਲਕਨ-9 ਰਾਕੇਟ ਅਤੇ ਡਰੈਗਨ ਪੁਲਾੜ ਯਾਨ ਦੀ ਵਰਤੋਂ ਹੋਵੇਗੀ। ਸ਼ੁਭਾਂਸ਼ੂ ਸ਼ੁਕਲਾ ਲਗਭਗ 14 ਦਿਨ ISS ’ਤੇ ਰਹਿ ਕੇ ਵਿਗਿਆਨਕ ਪ੍ਰਯੋਗ ਕਰਨਗੇ।

ਇਹ ਮਿਸ਼ਨ ਨਾ ਸਿਰਫ ਭਾਰਤ, ਸਗੋਂ ਹੰਗਰੀ ਅਤੇ ਪੋਲੈਂਡ ਲਈ ਵੀ ਇਤਿਹਾਸਕ ਮੰਨਿਆ ਜਾ ਰਿਹਾ ਹੈ, ਕਿਉਂਕਿ ਤਿੰਨੋਂ ਦੇਸ਼ਾਂ ਦੇ ਯਾਤਰੀ ਇਸ ਵਿਸ਼ਵ ਪੱਧਰੀ ਪੁਲਾੜ ਯਾਤਰਾ ਦਾ ਹਿੱਸਾ ਬਣ ਰਹੇ ਹਨ। ਇਸਦੇ ਨਾਲ ਹੀ ਭਾਰਤ ਵਾਸੀਆਂ ਲਈ ਇਹ ਮੌਕਾ ਖਾਸ ਹੈ, ਕਿਉਂਕਿ ਲੰਬੇ ਸਮੇਂ ਬਾਅਦ ਕੋਈ ਭਾਰਤੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਚ ਕਦਮ ਰੱਖ ਰਿਹਾ ਹੈ।

