ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ACB) ਨੇ ਦਿੱਲੀ ਦੇ ਸਾਬਕਾ ਮੰਤਰੀ ਅਤੇ ‘ਆਮ ਆਦਮੀ ਪਾਰਟੀ’ ਆਗੂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਸਰਕਾਰੀ ਸਕੂਲਾਂ ‘ਚ ਕਲਾਸਰੂਮਾਂ ਦੀ ਉਸਾਰੀ ਵਿੱਚ ਹੋਏ 2000 ਕਰੋੜ ਦੇ ਕਥਿਤ ਘੁਟਾਲੇ ਸਬੰਧੀ ਸੰਮਨ ਜਾਰੀ ਕੀਤੇ ਹਨ। ਇਸ ਦੇ ਚੱਲਦਿਆਂ ਸਤੇਂਦਰ ਜੈਨ ਨੂੰ 6 ਜੂਨ ਅਤੇ ਮਨੀਸ਼ ਸਿਸੋਦੀਆ ਨੂੰ 9 ਜੂਨ ਨੂੰ ਏ.ਸੀ.ਬੀ. ਦਫ਼ਤਰ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ACB ਦੇ ਬਿਆਨ ਅਨੁਸਾਰ, ਇਹ ਮਾਮਲਾ ਦਿੱਲੀ ਸਰਕਾਰ ਦੇ ਰਾਜ ਦੌਰਾਨ 12,748 ਕਲਾਸਰੂਮਾਂ ਅਤੇ ਸਕੂਲ ਇਮਾਰਤਾਂ ਦੀ ਉਸਾਰੀ ਵਿੱਚ ਵਾਪਰੇ ਭਾਰੀ ਵਿੱਤੀ ਬੇਨਿਯਮੀਆਂ ਨਾਲ ਜੁੜਿਆ ਹੋਇਆ ਹੈ।
ਐਜੰਸੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਆਪ ਨਾਲ ਜੁੜੇ ਠੇਕੇਦਾਰਾਂ ਨੂੰ ਦਿੱਤਾ ਗਿਆ ਸੀ, ਜਿਸ ਦੌਰਾਨ ਲਾਗਤ ਵਿੱਚ ਬੇਹੱਦ ਵਾਧਾ ਹੋਇਆ ਤੇ ਨਿਰਧਾਰਤ ਸਮੇਂ ‘ਚ ਕੋਈ ਵੀ ਕੰਮ ਪੂਰਾ ਨਹੀਂ ਹੋਇਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਨਿਯਮ ਤੋੜ ਕੇ ਠੇਕੇ ਦਿੱਤੇ ਗਏ ਅਤੇ ਸਰਕਾਰੀ ਫੰਡਾਂ ਦੀ ਵੱਡੀ ਲੁੱਟ ਹੋਈ।

