ਸੇਵਾ ਸੰਭਾਲ ਮੌਕੇ ਮਰਿਆਦਾ ਦਾ ਕੀਤਾ ਗਿਆ ਹੈ ਵੱਡਾ ਘਾਣ
ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਿਆਨੀ ਕੁਲਦੀਪ ਸਿੰਘ ਗੱਜਗੜ੍ਹ ਦੀ ਨਵੇਂ ਜਥੇਦਾਰ ਵਜੋਂ ਹੋਈ ਨਿਯੁਕਤੀ ‘ਤੇ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਮੁਕਤ ਕੀਤੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਵਿਰੋਧ ਕਰਦਿਆਂ ਕਿਹਾ ਗਿਆ ਹੈ ਕਿ ਸੇਵਾ ਸੰਭਾਲ ਮੌਕੇ ਮਰਿਆਦਾ ਦਾ ਵੱਡਾ ਘਾਣ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸੇਵਾ ਸੰਭਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਦ ਨਵੇਂ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਕਰਦਾ ਹੈ ਤਾਂ ਸੰਗਤਾਂ ਵੱਲੋਂ ਜੈਕਾਰੇ ਲਗਾਏ ਜਾਂਦੇ ਹਨ ਅਤੇ ਫੈਸਲੇ ਦੀ ਪ੍ਰਵਾਨਗੀ ਕੀਤੀ ਜਾਂਦੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਉਪਰੰਤ ਮੁੱਖ ਗ੍ਰੰਥੀ ਜਥੇਦਾਰ ਨੂੰ ਪਹਿਲੀ ਦਸਤਾਰ ਭੇਂਟਾ ਕਰਦਾ ਹੈ ਅਤੇ ਫਿਰ ਜਥੇਬੰਦੀਆਂ ਵੱਲੋਂ ਵੀ ਦਸਤਾਰਾਂ ਭੇਂਟਾ ਕੀਤੀਆਂ ਜਾਂਦੀਆਂ ਹਨ। ਪਰ ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਸ ਮਰਿਆਦਾ ਦੀ ਵੱਡੀ ਉਲੰਘਣਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਦ ਸਕੱਤਰ ਅਤੇ ਮੈਨੇਜਰ ਵੱਲੋਂ ਜਥੇਦਾਰ ਨੂੰ ਦਸਤਾਰ ਸੌਂਪੀ ਗਈ ਸੀ ਤਾਂ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਵੀ ਪ੍ਰਕਾਸ਼ ਨਹੀਂ ਹੋਇਆ ਸੀ।