ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਹਲਕੇ ਅਧੀਨ ਆਉਂਦੇ ਨਿਕੋਸਰਾ ਪਿੰਡ ਨੇੜੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ, ਜਿਸ ਦੌਰਾਨ ਦੋ ਨਾਬਾਲਗ ਦੋਸਤਾਂ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਮਨਜੋਤ ਸਿੰਘ ਵਾਸੀ ਪਿੰਡ ਚੱਕ ਮਹਿਮਾ ਅਤੇ ਸ਼ੁਭਦੀਪ ਸਿੰਘ ਵਾਸੀ ਪਿੰਡ ਨਿਕੋਸਰਾ ਵਜੋਂ ਹੋਈ ਹੈ। ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਰਾਤ 9 ਵਜੇ ਦੇ ਕਰੀਬ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਗਏ ਹੋਏ ਸਨ। ਪਰ ਵਾਪਸੀ ਦੌਰਾਨ ਨਿਕੋਸਰਾ ਨੇੜੇ ਸੜਕ ਦੇ ਵਿਚਕਾਰ ਪਲਟੀ ਪਈ ਪਰਾਲੀ ਵਾਲੀ ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸੂਚਨਾ ਮਿਲਦੇ ਹੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਟੀਮ ਮੌਕੇ ‘ਤੇ ਪਹੁੰਚੀ। ਐਸ.ਐਚ.ਓ. ਸਤਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਪਰਿਵਾਰਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਹਨਾਂ ਦੇ ਅਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

