ਅੱਜ ਕੈਨੇਡਾ ਤੋਂ ਇੱਕ ਹੋਰ ਪੰਜਾਬੀ ਨੌਜਵਾਨ ਦੇ ਕਤਲ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਇਸ ਨੌਜਵਾਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਸਨ। ਇਸ ਮਿਰਤਕ ਦੀ ਪਛਾਣ ਜਸਕਰਨ ਸਿੰਘ ਮਿਨਹਾਸ ਵਜੋਂ ਹੋਈ ਹੈ ਜੋ ਰੀਅਲ ਅਸਟੇਟ ਖੇਤਰ ਵਿੱਚ ਕਾਰੋਬਾਰ ਕਰਨ ਸਮੇਤ ਸੌਕਰ ਦਾ ਚੰਗਾ ਖਿਡਾਰੀ ਵੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪਤਾ ਲਗਾਇਆ ਗਿਆ ਹੈ ਕਿ ਇਹ ਵਾਰਦਾਤ ਕਿਸੇ ਗੈਂਗ ਵਲੋਂ ਘੜੀ ਸਾਜ਼ਿਸ਼ ਦਾ ਹਿੱਸਾ ਸੀ। ਨਾਲ ਹੀ ਦੱਸ ਦਈਏ ਕਿ ਇਸ ਘਟਨਾ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਇਹ ਮਿਰਤਕ ਗੱਡੀ ਵਿੱਚ ਜਾ ਰਿਹਾ ਸੀ ਉਦੋਂ ਤਿੰਨ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਵੈਸਟਵਿਊ ਡਰਾਈਵ ਇਲਾਕੇ ਵਿੱਚ ਇੱਕ ਕਾਰ ਸੜਦੀ ਹੋਈ ਮਿਲੀ ਜੋ ਕਾਤਲਾਂ ਨਾਲ ਸੰਬੰਧਿਤ ਮੰਨੀ ਜਾ ਰਹੀ ਹੈ।