ਬੀਤੇ ਸ਼ੁੱਕਰਵਾਰ ਤੇਲੰਗਾਨਾ ਦੀ ਸ਼ੈਲਮ ਸੁਰੰਗ ਨਹਿਰ ਪ੍ਰਾਜੈਕਟ ਦੀ ਉਸਾਰੀ ਅਧੀਨ ਹਿੱਸੇ ਦੀ ਛੱਤ ਦਾ ਇੱਕ ਹਿੱਸਾ ਢਹਿ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਅੱਠ ਮਜ਼ਦੂਰਾਂ ਦੇ ਫਸੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਿਹਨਾਂ ਵਿੱਚ ਦੋ ਇੰਜੀਨੀਅਰ, ਦੋ ਮਸ਼ੀਨ ਆਪਰੇਟਰ ਅਤੇ ਚਾਰ ਮਜ਼ਦੂਰ ਸ਼ਾਮਲ ਹਨ। ਸੂਬਾ ਸਰਕਾਰ ਵੱਲੋਂ ਫਸੇ ਮਜ਼ਦੂਰਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਿਸਦੇ ਚੱਲਦਿਆਂ ਸੂਬਾ ਸਰਕਾਰ ਨੇ ਭਾਰਤੀ ਫ਼ੌਜ ਅਤੇ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਤੋਂ ਵੀ ਮਦਦ ਲਈ ਪੁਕਾਰ ਕੀਤੀ ਹੈ। ਸਿੰਚਾਈ ਮੰਤਰੀ ਦਾ ਕਹਿਣਾ ਹੈ ਕਿ ਮਜ਼ਦੂਰ ਸੁਰੰਗ ਦੇ 14 ਕਿਲੋਮੀਟਰ ਦੇ ਅੰਦਰ ਤੱਕ ਫਸੇ ਹੋਏ ਹਨ। ਸੂਚਨਾ ਅਨੁਸਾਰ ਅਜੇ ਤੱਕ ਇਹਨਾਂ ਮਜ਼ਦੂਰਾਂ ਬਾਰੇ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ ਹੈ। ਬਚਾਅ ਕਾਰਜ ਟੀਮ ਸੁਰੰਗ ਦੇ 13.5 ਕਿਲੋਮੀਟਰ ਅੰਦਰ ਤੱਕ ਪੁੱਜੀ ਹੈ ਪਰੰਤੂ ਪਾਣੀ ਅਤੇ ਗਾਦ ਕਾਰਨ ਉਹਨਾਂ ਲਈ ਅੱਗੇ ਵਧਣਾ ਚੁਣੌਤੀ ਤੋਂ ਘੱਟ ਨਹੀਂ ਹੈ। ਨਾਲ ਹੀ ਦੱਸ ਦਈਏ ਕਿ ਇਹਨਾਂ ਫਸੇ ਹੋਏ ਲੋਕਾਂ ਵਿੱਚ ਪੰਜਾਬ ਦਾ ਵੀ ਇੱਕ ਗੁਰਪ੍ਰੀਤ ਸਿੰਘ ਨਾਮੀ ਨੌਜਵਾਨ ਮੌਜੂਦ ਹੈ।