ਪੁਲਿਸ ਵੱਲੋਂ ਫਰੀਦਕੋਟ ਦੇ ਪਿੰਡ ਬੀੜ ਸਿੱਖਾਂ ਵਾਲਾ ਵਿੱਚ ਇੱਕ ਵੱਡੀ ਵਾਰਦਾਤ ਨੂੰ ਕਾਬੂ ਕਰਦਿਆਂ ਬੰਬੀਹਾ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋ ਗੁਰਗੇ, ਗੈਂਗਸਟਰ ਹਰਸਿਮਰਨਜੀਤ ਦੇ ਸਾਥੀ ਸਨ ਜਿਸ ਉੱਪਰ ਕਤਲ, ਨਸ਼ੇ, ਚੋਰੀ, ਖੋਹ ਅਤੇ ਅਸਲੇ ਐਕਟ ਤਹਿਤ ਲਗਭਗ 26 ਮੁਕੱਦਮੇ ਦਰਜ ਹਨ। ਪੁਲਿਸ ਨੂੰ ਇਹਨਾਂ ਗੈਂਗਸਟਰਾਂ ਦੇ ਖ਼ੇਤਰ ਵਿੱਚ ਘੁੰਮਣ ਦੀ ਖ਼ਬਰ ਮਿਲੀ ਸੀ। ਜਿਸ ਕਾਰਨ ਸੀ.ਆਈ.ਏ ਜੈਤੋ ਅਤੇ ਥਾਣਾ ਜੈਤੋ ਦੀਆਂ ਟੀਮਾਂ ਵਲੋਂ ਪਿੰਡ ਬੀੜ ਸਿੱਖਾਂ ਵਾਲਾ ਨਜ਼ਦੀਕ ਨਾਕਾ ਲਗਾਇਆ ਗਿਆ ਸੀ। ਨਾਕੇ ਦੌਰਾਨ ਇਹ ਦੋਸ਼ੀ ਗੱਡੀ ਵਿੱਚ ਸਵਾਰ ਸਨ ਅਤੇ ਪੁਲਿਸ ਵੱਲੋਂ ਰੋਕਣ ਦੇ ਇਸ਼ਾਰੇ ‘ਤੇ ਦੋਸ਼ੀਆਂ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ ਗਿਆ, ਹਮਲੇ ਦੌਰਾਨ ਸਰਕਾਰੀ ਗੱਡੀ ‘ਤੇ ਵੀ ਤਿੰਨ ਫਾਇਰ ਲੱਗ ਗਏ। ਇਸ ਉਪਰੰਤ ਦੋਸ਼ੀਆਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਇਹ ਦੋਸ਼ੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ। ਜਾਣਕਾਰੀ ਅਨੁਸਾਰ ਇਹਨਾਂ ਕੋਲੋਂ ਇੱਕ ਪਿਸਟਲ .315 ਬੋਰ ਅਤੇ ਇੱਕ ਪਿਸਟਲ .32 ਬੋਰ ਅਤੇ 6 ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਗੱਡੀ ਵੀ ਜ਼ਬਤ ਕਰ ਲਈ ਗਈ ਹੈ।