ਫਗਵਾੜਾ, (ਕਪੂਰਥਲਾ), (ਐੱਮ ਐੱਸ ਵਧਵਾ) 9 ਦਸੰਬਰ – ਬੀਤੀ ਦੇਰ ਰਾਤ ਮੇਹਲੀ ਗੇਟ ਫਗਵਾੜਾ ਸਥਿਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿਚ 20 ਤੋਂ ਵੱਧ ਗਾਵਾਂ ਰਹੱਸਮਈ ਹਾਲਾਤ ਵਿਚ ਮਰੀਆਂ ਪਾਈਆਂ ਗਈਆਂ, ਗਊਸ਼ਾਲਾ ਵਿੱਚ ਕੁੱਲ 48 ਗਊਆਂ ਸਨ। ਸ਼ਿਵ ਸੈਨਾ ਦੇ ਇੰਦਰਜੀਤ ਕਰਵਲ, ਕਮਲ ਸਰੋਜ, ਰਾਜੇਸ਼ ਪਲਟਾ ਸਮੇਤ ਕਈ ਹਿੰਦੂ ਆਗੂਆਂ ਨੇ ਗਊਸ਼ਾਲਾ ਵਿਚ ਜਾ ਕੇ ਦੋਸ਼ ਲਾਇਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਜਾਣਬੁੱਝ ਕੇ ਗਊਆਂ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਹੈ, ਜਿਸ ਕਾਰਨ ਗਊਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਿੰਦੂ ਆਗੂਆਂ ਨੇ ਮੰਗ ਕੀਤੀ ਕਿ ਸ਼ਰਾਰਤੀ ਅਨਸਰਾਂ ’ਤੇ ਮੁਕੱਦਮਾ ਦਰਜ ਕਰਕੇ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸ ਦੌਰਾਨ ਹਿੰਦੂ ਸੰਗਠਨਾਂ ਨੇ ਅੱਜ ‘ਫਗਵਾੜਾ ਬੰਦ’ ਦਾ ਸੱਦਾ ਦਿੱਤਾ ਹੈ, ਜਿਸ ਤਹਿਤ ਅੱਜ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।