ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ICT) ਨੇ ਅਦਾਲਤ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਇਤਿਹਾਸਕ ਫੈਸਲਾ ਟ੍ਰਿਬਿਊਨਲ-1 ਦੇ ਚੇਅਰਮੈਨ ਜਸਟਿਸ ਮੁਹੰਮਦ ਗੋਲਾਮ ਮੋਰਤੂਜ਼ਾ ਮੋਜ਼ੁਮਦਾਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਬੈਂਚ ਵੱਲੋਂ ਦਿੱਤਾ ਗਿਆ ਹੈ।
ਇਸੇ ਮਾਮਲੇ ਵਿੱਚ, ਗਾਈਬੰਧਾ ਦੇ ਗੋਬਿੰਦਗੰਜ ਤੋਂ ਸਥਾਨਕ ਆਵਾਮੀ ਲੀਗ ਆਗੂ ਸ਼ਕੀਲ ਅਕੰਦ ਬੁਲਬੁਲ ਨੂੰ ਵੀ ਦੋ ਮਹੀਨੇ ਦੀ ਕੈਦ ਹੋਈ ਹੈ।
ਦੱਸ ਦਈਏ ਕਿ ਇਹ ਫੈਸਲਾ ਇੱਕ ਆਡੀਓ ਕਲਿੱਪ ਦੇ ਆਧਾਰ ‘ਤੇ ਆਇਆ, ਜੋ ਪਿਛਲੇ ਸਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਕਲਿੱਪ ‘ਚ ਸ਼ੇਖ ਹਸੀਨਾ ਨੂੰ ਕਥਿਤ ਤੌਰ ‘ਤੇ ਕਹਿੰਦੇ ਸੁਣਿਆ ਗਿਆ ਕਿ ਉਨ੍ਹਾਂ ਵਿਰੁੱਧ 227 ਮਾਮਲੇ ਦਰਜ ਹਨ, ਇਸ ਲਈ ਉਨ੍ਹਾਂ ਨੂੰ “227 ਲੋਕਾਂ ਨੂੰ ਮਾਰਨ ਦਾ ਲਾਇਸੈਂਸ” ਮਿਲ ਗਿਆ ਹੈ। ਨਾਲ ਹੀ ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਉਨ੍ਹਾਂ ਦੇ ਅਹੁਦਾ ਛੱਡਣ ਅਤੇ ਦੇਸ਼ ਛੱਡ ਕੇ ਜਾਣ ਤੋਂ 11 ਮਹੀਨੇ ਬਾਅਦ ਉਨ੍ਹਾਂ ਵਿਰੁੱਧ ਕਿਸੇ ਮਾਮਲੇ ‘ਚ ਸਜ਼ਾ ਸੁਣਾਈ ਗਈ ਹੈ। ਹਾਲਾਂਕਿ, ਹਸੀਨਾ ਵੱਲੋਂ ਇਸ ਫੈਸਲੇ ਖਿਲਾਫ ਅਪੀਲ ਦੀ ਉਮੀਦ ਹੈ।

