ਜਾਣਕਾਰੀ ਅਨੁਸਾਰ ਅੱਜ ਸਵੇਰੇ ਨਕੋਦਰ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸਾ ਫਗਵਾੜਾ ਦੇ ਪਿੰਡ ਮਾਨਾਵਾਲੀ ਕੋਲ ਉਦੋਂ ਵਾਪਰਿਆ ਜਦੋਂ ਇੱਕ ਟਰੱਕ ਨੇ ਸਾਹਮਣੇ ਆ ਰਹੀ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ। ਕਾਰ ਚਾਲਕ ਨਿਖਿਲ ਖੋਸਲਾ ਨੇ ਦੱਸਿਆ ਕਿ ਉਹ ਨਿੱਜੀ ਕੰਮ ਲਈ ਫਗਵਾੜਾ ਤੋਂ ਜੰਡਿਆਲਾ ਵੱਲ ਜਾ ਰਹੇ ਸਨ, ਜਦ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸੜਕ ਤੋਂ ਕਾਫ਼ੀ ਥੱਲੇ ਨੂੰ ਚਲੇ ਗਈ ਅਤੇ ਪੂਰੀ ਤਰ੍ਹਾਂ ਨੁਕਸਾਨੀ ਹੋ ਗਈ। ਹਾਦਸੇ ‘ਚ ਨਿਖਿਲ ਖੋਸਲਾ ਨੂੰ ਗੰਭੀਰ ਚੋਟਾਂ ਆਈਆਂ ਹਨ।
ਇਸ ਦੌਰਾਨ, ਹਾਦਸਾ ਦੇ ਪਿੱਛੋਂ ਆ ਰਹੀ ਇਕ ਟਰੈਕਟਰ-ਟਰਾਲੀ ਵੀ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਟਰੈਕਟਰ ਚਾਲਕ ਵੀ ਗੰਭੀਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਫਗਵਾੜਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਟਰੱਕ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਸਤਨਾਮਪੁਰਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

