ਸੰਗਰੂਰ ਦੇ ਪਿੰਡ ਖਡਿਆਲ ਨੇੜੇ ਬੀਤੀ ਰਾਤ ਇੱਕ ਵੱਡੀ ਆਫ਼ਤ ਵਾਪਰੀ ਗਈ ਜਦੋਂ ਅਚਾਨਕ ਨਹਿਰ ’ਚ ਪਾੜ ਪੈ ਗਿਆ। ਇਹ ਪਾੜ ਵੱਧਦੀਆਂ-ਵੱਧਦਿਆਂ ਲਗਭਗ 50 ਫੁੱਟ ਚੌੜਾ ਹੋ ਗਿਆ, ਜਿਸ ਕਾਰਨ ਨੜੇਲੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਕੇ ਬਰਬਾਦ ਹੋ ਗਈ। ਪਿੰਡ ਵਾਸੀਆਂ ਵੱਲੋਂ ਮਿਲੀ ਸੂਚਨਾ ਦੇ ਅਧਾਰ ‘ਤੇ ਨਹਿਰੀ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਹਨ ਅਤੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਜਾ ਰਹੀ ਹੈ।
ਮੌਕੇ ‘ਤੇ ਮੌਜੂਦ ਪੀੜਤ ਕਿਸਾਨਾਂ ਨੇ ਦੱਸਿਆ ਕਿ ਇਹ ਉਹਨਾਂ ਦੀ ਤਾਜ਼ਾ ਲਾਈ ਹੋਈ ਝੋਨੇ ਦੀ ਫ਼ਸਲ ਸੀ, ਜੋ ਪਾਣੀ ਨਾਲ ਤਬਾਹ ਹੋ ਗਈ। ਹੁਣ ਨਾ ਸਿਰਫ਼ ਉਨ੍ਹਾਂ ਨੂੰ ਫ਼ਸਲ ਦੁਬਾਰਾ ਲਾਉਣੀ ਪਏਗੀ, ਸਗੋਂ ਪਨੀਰੀ ਲੱਭਣੀ ਵੀ ਔਖੀ ਹੋ ਜਾਵੇਗੀ।ਕਿਸਾਨਾਂ ਨੇ ਦੱਸਿਆ ਕਿ ਬੀਤੇ ਸਾਲ ਵੀ ਇਸੇ ਜਗ੍ਹਾ ਤੇ ਪਾੜ ਪਿਆ ਸੀ ਅਤੇ ਤਦ ਵੀ ਭਾਰੀ ਨੁਕਸਾਨ ਹੋਇਆ ਸੀ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਹਿਰ ਦੇ ਦੋਹਾਂ ਕੰਢਿਆਂ ਨੂੰ ਪੱਕਾ ਅਤੇ ਮਜ਼ਬੂਤ ਕੀਤਾ ਜਾਵੇ, ਤਾਂ ਜੋ ਅਗਲੇ ਸਮੇਂ ਇਨ੍ਹਾਂ ਹਾਲਾਤਾਂ ਤੋਂ ਬਚਿਆ ਜਾ ਸਕੇ।

