ਵਿਦੇਸ਼ ਮੰਤਰਾਲੇ ਨੇ ਸਾਊਦੀ ਅਰਬ ਵੱਲੋਂ ਭਾਰਤੀ ਯਾਤਰੀਆਂ ’ਤੇ ਹੱਜ ਦੌਰਾਨ ਯਾਤਰਾ ਪਾਬੰਦੀ ਲਗਾਉਣ ਦੀਆਂ ਮੀਡੀਆ ਰਿਪੋਰਟਾਂ ਨੂੰ ਅਧਿਕਾਰਕ ਤੌਰ ’ਤੇ ਗਲਤ ਕਰਾਰ ਦਿੱਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਊਦੀ ਅਰਬ ਵੱਲੋਂ ਅਜਿਹਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਸਾਊਦੀ ਅਰਬ ਨੇ ਭਾਰਤ ਸਮੇਤ ਕਿਸੇ ਵੀ ਦੇਸ਼ ’ਤੇ ਕੋਈ ਪੂਰੀ ਪਾਬੰਦੀ ਨਹੀਂ ਲਾਈ।
ਹੱਜ ਦੌਰਾਨ ਭੀੜ ਅਤੇ ਪ੍ਰਬੰਧਨ ਦੇ ਚਲਦੇ ਸਿਰਫ਼ ਅਸਥਾਈ ਤੌਰ ’ਤੇ ਛੋਟੇ ਸਮੇਂ ਵਾਲੇ ਵੀਜ਼ਿਆਂ ਨੂੰ ਰੋਕਿਆ ਗਿਆ ਹੈ। ਇਹ ਪਾਬੰਦੀ 30 ਜੂਨ ਤੱਕ ਰਹੇਗੀ ਤੇ ਹੱਜ ਮੌਕੇ ਦੇ ਮੁਕੰਮਲ ਹੋਣ ਉੱਤੇ ਖਤਮ ਹੋ ਜਾਵੇਗੀ। ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਾਊਦੀ ਅਰਬ ਨੇ ਬਲਾਕ ਵਰਕ ਵੀਜ਼ਾ ਸਮੇਤ ਕਈ ਵੀਜ਼ਿਆਂ ਨੂੰ ਰੱਦ ਕਰ ਦਿੱਤਾ ਹੈ, ਪਰ ਹੁਣ ਮੰਤਰਾਲੇ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਹੱਜ ਦੀ ਸਮੇਂ-ਸੀਮਾ ਦੇ ਦੌਰਾਨ ਪ੍ਰਸ਼ਾਸਨਿਕ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਹੀ ਇਹ ਕਦਮ ਉਠਾਇਆ ਗਿਆ ਹੈ।

