ਇਹ ਖ਼ਬਰ ਅੰਮ੍ਰਿਤਸਰ ਦੀ ਹੈ ਜਿੱਥੇ ਕੱਲ੍ਹ ਰਾਤ ਇੱਕ ਪਰਿਵਾਰ ਆਸਟ੍ਰੇਲੀਆ ਲਈ ਰਵਾਨਾ ਹੋਇਆ ਸੀ ਪਰੰਤੂ ਏਅਰ ਇੰਡੀਆ ਏਅਰਲਾਈਨਜ਼ ਵਾਲਿਆਂ ਵੱਲੋਂ ਇਸ ਪਰਿਵਾਰ ਦੀ ਬੋਰਡਿੰਗ ਨੂੰ ਰੱਦ ਕਰ ਦਿੱਤਾ ਗਿਆ। ਇਸ ਘਟਨਾ ਬਾਰੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੀ ਕੱਲ੍ਹ ਰਾਤ ਆਸਟ੍ਰੇਲੀਆ ਦੀ 8:20 ਦੀ ਫਲਾਈਟ ਸੀ। ਉਹਨਾਂ ਦੱਸਿਆ ਕਿ ਰਸਤੇ ਵਿੱਚ ਜਾਂਦੇ ਸਮੇਂ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋਣ ਕਾਰਨ ਉਹ 7:20 ਤੱਕ ਏਅਰਪੋਰਟ ਦੇ ਕਾਉੰਟਰ ‘ਤੇ ਪੁੱਜੇ ਸਨ ਜਿੱਥੇ ਉਹਨਾਂ ਨੂੰ ਜਲਦੀ ਫ੍ਰੀ ਕਰਨ ਦੀ ਬਜਾਏ ਉਹਨਾਂ ਦੇ ਦਸਤਾਵੇਜ ਦੇਖਣ ਵਿੱਚ ਸਮਾਂ ਵਿਅਰਥ ਕੀਤਾ ਗਿਆ ਤੇ ਜਦ ਉਹਨਾਂ ਨੇ ਸੂਟਕੇਸ ਦਾ ਭਾਰ ਤੋਲਿਆ ਤਾਂ ਇੱਕ ਸੂਟਕੇਸ ਦਾ ਭਾਰ ਸੱਤ ਕਿਲੋ ਵੱਧ ਨਿਕਲਿਆ ਜਿਸ ਤੋਂ ਬਾਅਦ ਏਅਰਲਾਈਨਜ਼ ਵੱਲੋਂ 21,000 ਰੁਪਏ ਮੰਗੇ ਗਏ, ਪਰਿਵਾਰ ਵੱਲੋਂ ਸਮਾਨ ਕੱਢਣ ਦੀ ਬੇਨਤੀ ਕੀਤੀ ਗਈ ਤਾਂ ਏਅਰਲਾਈਨਜ਼ ਦੇ ਕਰਮਚਾਰੀ ਵੱਲੋਂ ਪਰਿਵਾਰ ਦੀ ਬੋਰਡਿੰਗ ਰੱਦ ਕਰ ਦਿੱਤੀ ਗਈ। ਪਰਿਵਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਇਹਨਾਂ ਟਿਕਟਾਂ ਵਿੱਚ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।