ਜਾਣਕਾਰੀ ਅਨੁਸਾਰ ਅੱਜ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਇਹ ਸਜ਼ਾ ਇਸ ਦੋਸ਼ੀ ਵੱਲੋਂ ਅੱਜ ਤੋਂ 40 ਸਾਲ ਪਹਿਲਾਂ ਕੀਤੀ 1 ਨਵੰਬਰ, 1984 ਨੂੰ ਸਰਸਵਤੀ ਵਿਹਾਰ ਇਲਾਕੇ ਵਿੱਚ ਪਿਓ ਪੁੱਤ ਦੀ ਹੱਤਿਆ ਵਜੋਂ ਸੁਣਾਈ ਗਈ ਹੈ। ਇਸਦੇ ਨਾਲ ਹੀ ਸੱਜਣ ਕੁਮਾਰ ਨੂੰ 12 ਫਰਵਰੀ ਨੂੰ ਦੰਗੇ, ਗ਼ੈਰ-ਕਾਨੂੰਨੀ ਇਕੱਠ ਅਤੇ ਕਤਲ ਆਦਿ ਨਾਲ ਸੰਬੰਧਿਤ ਧਾਰਾਵਾਂ ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਸੀ। ਇਸ ਉੱਤੇ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਭਾਵੇਂ ਅਸੀਂ ਇਸ ਅਪਰਾਧੀ ਲਈ ਮੌਤ ਦੀ ਸਜ਼ਾ ਦੀ ਉਮੀਦ ਕਰ ਰਹੇ ਸੀ ਪਰ ਫਿਰ ਵੀ ਮੈਂ ਦਿੱਲੀ ਦੀ ਅਦਾਲਤ ਵੱਲੋਂ ਲਾਏ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ।ਉਹਨਾਂ ਅੱਗੇ ਕਿਹਾ ਕਿ 40 ਸਾਲਾਂ ਬਾਅਦ ਹੋਏ ਇਸ ਫੈਸਲੇ ਨੇ ਸਾਬਿਤ ਕੀਤਾ ਹੈ ਕਿ ਰੱਬ ਦੀ ਚੱਕੀ ਹੌਲੀ-ਹੌਲੀ ਪਰ ਯਕੀਨੀ ਤੌਰ ’ਤੇ ਪੀਸਦੀ ਹੈ।