ਨੰਬਰਦਾਰ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਸਨੀਕ ਲੋਹੀਆ ਖਾਸ ਦੇ ਪਿੰਡ ਕੜਾ ਰਾਮ ਸਿੰਘ, ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੰਬਰਦਾਰ ਨੇ ਬਾਥਰੂਮ ਵਿੱਚ ਜਾ ਕੇ ਆਪਣੀ ਲਾਇਸੈਂਸੀ ਬੰਦੂਕ ਨਾਲ ਆਪਣੇ ਮੂੰਹ ਦੇ ਨੇੜੇ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸੂਚਨਾ ਮਿਲਣ ਉਪਰੰਤ ਸ਼ਾਹਕੋਟ ਦੇ ਡੀ.ਐਸ.ਪੀ. ਓਂਕਾਰ ਸਿੰਘ ਬਰਾੜ ਅਤੇ ਲੋਹੀਆਂ ਖਾਸ ਥਾਣਾ ਇੰਚਾਰਜ ਜੈਪਾਲ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਉਹਨਾਂ ਨੇ ਬੰਦੂਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਨੂੰ ਕੀਤੀ ਜਾਂਚ ਉਪਰੰਤ ਇੱਕ ਸੁਸਾਈਡ ਨੋਟ ਮਿਲਿਆ ਜਿਸ ਵਿੱਚ ਮ੍ਰਿਤਕ ਜਗਤਾਰ ਸਿੰਘ ਵੱਲੋਂ ਆਪਣੀ ਮੌਤ ਲਈ ਚਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਜਿਹਨਾਂ ਵਿੱਚ ਤਿੰਨ ਉਸਦੇ ਪਿੰਡ ਦੇ ਵਸਨੀਕ ਹਨ ਜਦਕਿ ਇੱਕ ਦੂਸਰੇ ਪਿੰਡ ਦਾ। ਨਾਲ ਹੀ ਮਿਰਤਕ ਵੱਲੋਂ ਸੁਸਾਈਡ ਨੋਟ ਵਿੱਚ ਇਹਨਾਂ ਚਾਰ ਲੋਕਾਂ ਵੱਲੋਂ ਉਸਨੂੰ ਲਗਾਤਾਰ ਤੰਗ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਚਾਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਨਾਲ ਹੀ ਦੱਸ ਦਈਏ ਕਿ ਇਹਨਾਂ ਦੋਸ਼ੀਆਂ ਵਿੱਚ ਪਿੰਡ ਕੜਾ ਰਾਮ ਸਿੰਘ ਦੇ ਵਾਸੀ ਬਲਵੀਰ ਸਿੰਘ, ਪ੍ਰੀਤਮ ਸਿੰਘ ਅਤੇ ਮਲਕੀਤ ਸਿੰਘ ਅਤੇ ਮਲੋਟ ਦਾ ਨਿਵਾਸੀ ਵਰਿੰਦਰ ਸਿੰਘ ਸ਼ਾਮਲ ਹੈ।