26 ਜਨਵਰੀ, 1950 ਦੇ ਦਿਨ ਨੂੰ ਗਣਤੰਤਰ ਦਿਵਸ ਵਜੋਂ ਪੂਰੇ ਭਾਰਤ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ‘ਤੇ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ।
ਇਸ ਦਿਨ ਹਰ ਸਾਲ ਭਾਰਤੀਆਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਲੜੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਸ਼ੁਕਰਾਨਾ ਕੀਤਾ ਜਾਂਦਾ ਹੈ।
ਬਰਤਾਨਵੀ ਰਾਜ ਤੋਂ ਬਾਅਦ ਜਦੋਂ ਭਾਰਤ ਵੱਲੋਂ 26 ਜਨਵਰੀ ਨੂੰ ‘ਪ੍ਰਭੂਸੱਤਾ ਸੰਪੰਨ, ਜਮਹੂਰੀ ਗਣਰਾਜ’ ਦਾ ਨਾਮ ਗ੍ਰਹਿਣ ਕੀਤਾ ਗਿਆ ਸੀ ਤਾਂ ਇੱਕ ਵਾਇਸਰਾਏ ਦੇ ਨਾਮ ’ਤੇ ਬਣੇ ਸਟੇਡੀਅਮ ‘ਚ ਜਸ਼ਨ ਮਨਾਇਆ ਸੀ। ਉਸ ਸਮੇਂ ਡਾ. ਰਾਜਿੰਦਰ ਪ੍ਰਸਾਦ ਨੂੰ ਦੇਸ਼ ਦੇ ਪਹਿਲੇ ਰਾਸ਼ਟਰੀ ਵਜੋਂ ਨਿਯੁਕਤ ਕੀਤਾ ਗਿਆ ਸੀ।
26 ਜਨਵਰੀ 1950 ਦਿਨ ਵੀਰਵਾਰ ਨੂੰ ਗਵਰਨਮੈਂਟ ਹਾਊਸ ਵਿੱਚ 10:18 ‘ਤੇ ਭਾਰਤ ਨੂੰ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਰਾਜ ਐਲਾਨਿਆ ਗਿਆ ਸੀ। ਇਸ ਤੋਂ ਪੂਰੇ ਛੇ ਮਿੰਟ ਬਾਅਦ ਡਾ. ਰਾਜਿੰਦਰ ਪ੍ਰਸਾਦ ਵੱਲੋਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਗਈ ਸੀ। ਇਸ ਦਿਨ 10:30 ਵਜੇ 31 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ ਸੀ। ਇਸ ਮੌਕੇ ਸੇਵਾ ਮੁਕਤ ਹੋ ਰਹੇ ਗਵਰਨਰ-ਜਨਰਲ ਰਾਜਾਗੋਪਾਲ ਨੇ ਰਿਪਬਲਿਕ ਆਫ ਇੰਡੀਆ-ਭਾਰਤ ਦਾ ਐਲਾਨ ਨਾਮਾ ਪੜ੍ਹਿਆ। ਇਸ ਉਪਰੰਤ ਰਾਸ਼ਟਰਪਤੀ ਵੱਲੋਂ ਸਹੁੰ ਚੁੱਕੀ ਗਈ ਅਤੇ ਪਹਿਲਾਂ ਹਿੰਦੀ ਅਤੇ ਬਾਅਦ ‘ਚ ਅੰਗਰੇਜ਼ੀ ਵਿੱਚ ਭਾਸ਼ਣ ਦਿੱਤਾ ਗਿਆ।
ਇਸ ਤੋਂ ਬਾਅਦ ਦੁਪਹਿਰ ਦੇ 2:30 ਵਜੇ ਰਾਸ਼ਟਰਪਤੀ ਗਵਰਨਮੈਂਟ ਹਾਊਸ ਵਿੱਚੋਂ ਇੱਕ 35 ਸਾਲ ਪੁਰਾਣੀ ਵਿਸ਼ੇਸ਼ ਬੱਘੀ ਵਿੱਚ ਬਾਹਰ ਆਏ। ਇਸ ਬੱਘੀ ਨਾਲ ਛੇ ਆਸਟ੍ਰੇਲੀਆਈ ਘੋੜੇ ਜੋੜੇ ਗਏ ਸਨ ਤੇ ਰਾਸ਼ਟਰਪਤੀ ਦੇ ਬਾਡੀਗਾਰਡ ਇਸ ਨੂੰ ਐਸਕਾਰਟ ਕਰ ਰਹੇ ਸਨ। ਇਰਵਿਨ ਸਟੇਡੀਅਮ ਜੋ ਹੁਣ ਨੈਸ਼ਨਲ ਸਟੇਡੀਅਮ ਵਜੋਂ ਜਾਣਿਆ ਜਾਂਦਾ ਹੈ, ਜੈ-ਜੈਕਾਰ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸੀ ਤੇ ਲੋਕ ਰੁੱਖਾਂ, ਇਮਾਰਤਾਂ ਆਦਿ ’ਤੇ ਚੜ੍ਹ ਕੇ ਖੁਸ਼ੀ ਵਿੱਚ ਜੈ-ਜੈਕਾਰ ਕਰ ਰਹੇ ਸਨ। ਰਾਸ਼ਟਰਪਤੀ ਹੱਥ ਜੋੜ ਕੇ ਇਨ੍ਹਾਂ ਦਾ ਹੁੰਗਾਰਾ ਭਰ ਰਹੇ ਸਨ।
3:45 ਤੱਕ ਇਹ ਬੱਘੀ ਇਰਵਿਨ ਸਟੇਡੀਅਮ ਵਿੱਚ ਪੁੱਜੀ ਜਿੱਥੇ 3000 ਅਫਸਰ ਤੇ ਤਿੰਨੇ ਭਾਰਤੀ ਸੈਨਾਵਾਂ ਦੇ ਦੋ ਜਰਨੈਲ ਤੇ ਪੁਲਿਸ ਰਸਮੀ ਪਰੇਡ ਲਈ ਤਣੇ ਹੋਏ ਸਨ। ਸੱਤ ਮਾਸ ਬੈਂਡ ਵਾਲੇ ਪੁਲੀਸ ਤੇ ਫੌਜੀ ਬਲਾਂ ਵੱਲੋਂ ਵੀ ਉਸ ਸਮੇਂ ਇਕ ਵਧੀਆ ਦ੍ਰਿਸ਼ ਪੇਸ਼ ਕੀਤਾ ਗਿਆ ਸੀ। ਭਾਰਤ ਦੀ ਪਹਿਲੀ ਫੋਟੋ ਪੱਤਰਕਾਰ ਹੋਮਾਇਵਿਆਰਵਾਲਾ ਵੱਲੋਂ ਖਿੱਚੀਆਂ ਗਈਆਂ ਸਨ ਜੋ ਅੱਜ ਵੀ ਇਤਿਹਾਸਿਕ ਰੂਪ ਵਿੱਚ ਸਾਂਭੀਆਂ ਗਈਆਂ ਹਨ।