ਨਵੀਂ ਦਿੱਲੀ, 29 ਨਵੰਬਰ- ਸੰਭਲ ਹਿੰਸਾ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਮਸਜਿਦ ਦੀ ਸਰਵੇ ਰਿਪੋਰਟ ਨਹੀਂ ਖੋਲ੍ਹੀ ਜਾਵੇਗੀ। ਅਦਾਲਤ ਨੇ ਹੇਠਲੀ ਅਦਾਲਤ ਨੂੰ ਕਿਹਾ ਕਿ 8 ਜਨਵਰੀ ਤੱਕ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੀ ਜਾਵੇ, ਪਹਿਲਾਂ ਸ਼ਾਂਤੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚੰਦੌਸੀ ਸਿਵਲ ਕੋਰਟ ’ਚ ਸੰਭਲ ਜਾਮਾ ਮਸਜਿਦ ਦੀ ਸਰਵੇ ਰਿਪੋਰਟ ਪੇਸ਼ ਨਹੀਂ ਕੀਤੀ ਗਈ ਸੀ। ਐਡਵੋਕੇਟ ਕਮਿਸ਼ਨਰ ਰਮੇਸ਼ ਸਿੰਘ ਰਾਘਵ ਨੇ ਕਿਹਾ ਕਿ 24 ਨਵੰਬਰ ਨੂੰ ਸਰਵੇ ਦੌਰਾਨ ਹਿੰਸਾ ਹੋਈ ਸੀ, ਇਸ ਲਈ ਰਿਪੋਰਟ ਤਿਆਰ ਨਹੀਂ ਹੋ ਸਕੀ। ਜਾਮਾ ਮਸਜਿਦ ਦੇ ਵਕੀਲ ਸ਼ਕੀਲ ਅਹਿਮਦ ਨੇ ਕਿਹਾ ਕਿ ਅਸੀਂ ਅਦਾਲਤ ਤੋਂ ਇਸ ਮਾਮਲੇ ਨਾਲ ਜੁੜੇ ਸਾਰੇ ਦਸਤਾਵੇਜ਼ ਮੰਗੇ ਹਨ। ਸਰਵੇ ਰਿਪੋਰਟ ਅੱਜ ਪੇਸ਼ ਨਹੀਂ ਕੀਤੀ ਗਈ। ਮਸਜਿਦ ਵਿਚ ਹੋਰ ਕੋਈ ਸਰਵੇਖਣ ਨਹੀਂ ਹੋਵੇਗਾ। ਅਦਾਲਤ ਹੁਣ ਇਸ ਮਾਮਲੇ ਦੀ ਸੁਣਵਾਈ 8 ਜਨਵਰੀ ਨੂੰ ਕਰੇਗੀ। ਹਾਲਾਂਕਿ, ਅਦਾਲਤ ਕੁਝ ਸਮੇਂ ਬਾਅਦ ਸਰਵੇਖਣ ਰਿਪੋਰਟ ਪੇਸ਼ ਕਰਨ ਦੀ ਤਰੀਕ ਦੇਵੇਗੀ।